ਆਪਣੀ ਕੀਮਤੀ ਰਾਇ ਨਾਲ ਜ਼ਰੂਰ ਨਿਵਾਜ਼ਿਆ ਕਰੋ.deepzirvi@yahoo.co.in
1.
ਹਯਾਤੀ ਨੀ ਹਯਾਤੀ,ਤੇਰਾ ਸਿਰਨਾਂਵਾਂ ਦੱਸ ਕੀ
ਰਹੇਂ ਸੇਠਾਂ ਦੇ ਖੀਸੇ,ਕਿਜਾਂ ਕੁੱਲੀਆਂ ਚ ਵੱਸਦੀ??
ਨਲ਼ੀ ਵਗਦੀ ਤੇ ਪਾਟੇ ਗਲਾਂ ਵਿੱਚ ਪਾਏ ਲੀੜੇ,
ਸਿਰੋਂ ਪੈਰੋਂ ਜੋ ਨੰਗਾ,ਤੂੰ ਉਸਤੇ ਕਿਓਂ ਹੈਂ ਹੱਸਦੀ.
ਮਰੀ ਅਸਮਤ ਲੰਗਾਰਾਂ,ਸਿਰਾਂ ਤੇ ਕੋਈ ਛਾਂ ਨਾ,
ਤੂੰ ਬਣ ਚਾਨਣ ਦੀ ਲੋਈ, ਹਰਿੱਕ ਸਿਰ ਕਿਓਂ ਨਾ ਕੱਜਦੀ.
ਦਿਸਣ ਰਹਿਜ਼ਨ ਹੀ ਸਾਰੇ,ਮਿਲੇ ਰਹਿਬਰ ਨਾ ਕੋਈ,
ਮਿਰੇ ਭਾਰਤ ਵਤਨ ਦੀ,ਨਾ ਕਿਓਂ ਤਕਦੀਰ ਦੱਸਦੀ??
ਠਰੀ ਜਾਂਵੇਂ ਤੂੰ ਕਾਹਨੂੰ, ਡਰੀ ਜਾਂਵੇਂ ਤੂੰ ਕਾਹਨੂੰ??
ਜਗਾ ਕੇ ਆਸਾਂ ਵਾਲਾ ਤੂੰ ਕਿਓਂ ਨਾ ਦੀਪ ਰੱਖਦੀ>
੨).....ਕੁੜੀਆਂ ਨੂੰ
ਕਦੇ ਕਿਸੇ ਹਥਿਆਰ ਬਣਾਇਆ ਕੁੜੀਆਂ ਨੂੰ
ਕਿਸੇ ਕਦੇ ਵਿਓਪਾਰ ਬਣਇਆ ਕੁੜੀਆਂ ਨੂੰ.
ਵਾਹਵਾ ਵਿਕਦੀ ਹੋ ਜਾਊਗੀ ਪੁਸਤਕ ਵੀ,
ਕਦੇ ਕਿਸੇ ਪਰਚਾਰ ਬਣਾਇਆ ਕੁੜੀਆਂ ਨੂੰ.
ਕੁੜੀਆਂ ਕੋਮਲ ਭਾਵੁਕ ਮਨ ਦੀਆਂ ਹੁੰਦੀਆਂ ਨੇ,
ਤਦੇ ਕਿਸੇ ਸ਼ਿਕਾਰ ਬਣਾਇਆ ਕੁੜੀਆਂ ਨੂੰ.
ਆਖਣ :ਦੁਰਗਾ-ਚੰਡੀ-ਕਾਲੀ-ਸੁਰਸੁਤੀ ਪਰ,
ਨਾ ਕਿਸੇ ਸੁਚੱਜੀ-ਨਾਰ ਬਤਾਇਆ ਕੁੜੀਆਂ ਨੂੰ.
ਆਪਣੇ ਅੰਦਰੋਂ ਹਿਰਸੀ ਮਰਦ ਨੂੰ ਮਾਰਿਆ ਨਾ,
ਕੁਖਾਂ ਅੰਦਰ ਮਾਰ ਮੁਕਾਇਆ ਕੁੜੀਆਂ ਨੂੰ.
ਮਰ-ਜਾਣੀ,ਕਹੇ ਬਾਝ ਨਾ ਅੰਮੜੀ ਹਾਕ ਦਏ;
ਖਵਰੇ ਕਾਹਤੋਂ ਹੈ ਛੁਟਿਆਇਆ ਕੁੜੀਆਂ ਨੂੰ
ਸੱਚੇ ਰੱਬ ਨੇ ਰੱਬ ਦੀ ਸਹੁੰ ਚਾਨਣ ਖਾਤਰ,
ਕਰ 'ਖਲਕਤ ਦਾ ਦੀਪ' ਘਲਾਇਆ ਕੁੜੀਆਂ ਨੂੰ
੩
ਮੈਂ ਤਾਂ ਖਵਰੇ ਜਨਮਿਆਂ ਤੜਪਣ ਲਈ,
ਦਿਲ ਤਾਂ ਮੈਂਢਾ ਤਰਸਦੈ ਧੜਕਣ ਲਈ.
ਵੰਝਲੀ ਦੀ ਕੂਕ ਨਾ ਮਹਿਸੂਸਦੀ,
ਵੰਝਲੀ ਦੀ ਕੂਕ ਜੋ ਹਰ ਵਣ ਲਈ.
ਵਣ ਕਹੇ ਸਾਖੀ ਉਜਾੜੇ ਦੀ ਸੁਣੋ,
ਕਾਫੀ ਸੀ ਕੁਦਰਤ ਕਦੇ ਕੁਦਰਤ ਲਈ.
ਧਰ ਖੜਾਊਂ ਤਖਤ ਤੇ ਚੌਦਾਂ ਵਰੇ,
ਕੌਣ ਕਰਦੈ ਸਬਰ ਅੱਜ ਸ਼ਾਸਨ ਲਈ.
ਭੈਣ ਦੀ ਅਜ਼ਮਤ ਦਾ ਜੋ ਰਖਵਾਲ ਸੀ,
ਭੈਣ ਹਰ ਲੋਚੇ ਨਾ ਕਿਓਂ ਰਾਵਣ ਲਈ.
ਰਾਮ ਦਾ ਬਣਵਾਸ ਸੀਤਾ ਨਾਲ ਸੀ,
ਸੀਤਾ ਪਰ ਕੱਲੀ ਗਈ ਸੀ ਵਣ ਲਈ.
ਤਮਸ ਨੂੰ ਨਿਂਦਣਾ ਤਾਂ ਕੋਈ ਕਾਜ ਨਾ,
ਬਾਲ ਕੇ ਧਰ ਦੀਪ ਦੇ ਚਾਨਣ ਲਈ.
ਆਪਣੀ ਕੀਮਤੀ ਰਾਇ ਨਾਲ ਜ਼ਰੂਰ ਨਿਵਾਜ਼ਿਆ ਕਰੋ
###
ਲੋਡ ਹੋ ਰਿਹਾ ਹੈ...
ਪ੍ਰਤਿਕਿਰਿਆ